You Are Here: Home » Punjab » Amritsar » ਔਜਲਾ ਦੇ ਦਫਤਰ ਮੂਹਰੇ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਕੀਤੀ ਗਈ ਭੁੱਖ ਹੜਤਾਲ

ਔਜਲਾ ਦੇ ਦਫਤਰ ਮੂਹਰੇ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਕੀਤੀ ਗਈ ਭੁੱਖ ਹੜਤਾਲ



ਅੰਮ੍ਰਿਤਸਰ –  ਆਂਗਣਵਾੜੀ ਮੁਲਾਜ਼ਮਾਂ ਵੱਲੋਂ ਪ੍ਰੀ-ਪ੍ਰਾਇਮਰੀ ਕਲਾਸਾਂ ਸਰਕਾਰੀ ਸਕੂਲਾਂ ਵਿਚ ਸ਼ੁਰੂ ਕਰਨ ਦੇ ਵਿਰੋਧ ਵਿਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਦਫਤਰ ਮੂਹਰੇ ਕਾਲੀਆਂ ਪੱਟੀਆਂ ਬੰਨ੍ਹ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲੇ ਭਰ ‘ਚੋਂ ਪੁੱਜੀਆਂ ਵਰਕਰਾਂ ਨੇ ਇਸ ਮੌਕੇ ਜਿੱਥੇ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ, ਉਥੇ ਹੀ ਮੰਗਾਂ ਨਾ ਮੰਨਣ ਤੱਕ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਆਗੂ ਗੁਰਮਿੰਦਰ ਕੌਰ ਤੇ ਹਰਜਿੰਦਰ ਕੌਰ ਨੇ ਕਿਹਾ ਕਿ 1975 ਤੋਂ ਆਂਗਣਵਾੜੀ ਸੈਂਟਰਾਂ ‘ਚੋਂ ਛੋਟੇ ਵਿਦਿਆਰਥੀ ਪੜ੍ਹ ਰਹੇ ਹਨ। ਆਂਗਣਵਾੜੀ ਮੁਲਾਜ਼ਮ ਨਿਗੂਣੇ ਵੇਤਨ ਵਿਚ ਉਕਤ ਵਿਦਿਆਰਥੀਆਂ ਨੂੰ ਜਿੱਥੇ ਵਧੀਆ ਸਿੱਖਿਆ ਦੇ ਰਹੇ ਸਨ, ਉਥੇ ਚੰਗਾ ਨਾਗਰਿਕ ਫਰਮਾਨ ਜਾਰੀ ਕਰਦੇ ਉਕਤ ਕੇਂਦਰ ਬੰਦ ਕਰ ਕੇ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੇ ਐਲਾਨ ਨੇ ਆਂਗਣਵਾੜੀ ਵਰਕਰਾਂ ਨੇ ਮਨਾਂ ਨੂੰ ਕਾਫੀ ਠੇਸ ਪਹੁੰਚਾਈ ਹੈ। ਮੁਲਾਜ਼ਮਾਂ ਨੂੰ ਉਮੀਦ ਸੀ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ ਦੀ ਮਿਹਨਤ ਨੂੰ ਦੇਖਦਿਆਂ ਮਾਣਭੱਤੇ ਵਿਚ ਵਾਧਾ ਕਰੇਗੀ ਪਰ ਅਫਸੋਸ ਸਰਕਾਰ ਨੇ ਭੱਤਾ ਕੀ ਵਧਾਉਣਾ ਸੀ ਉਲਟਾ ਮੁਲਾਜ਼ਮਾਂ ਦੇ ਢਿੱਡ ‘ਤੇ ਲੱਤ ਮਾਰ ਕੇ ਬੇਰੋਜ਼ਗਾਰ ਕਰ ਦਿੱਤਾ। ਕੁੰਭਕਰਨੀ ਨੀਂਦ ਸੁੱਤੀ ਕਾਂਗਰਸ ਸਰਕਾਰ ਨੂੰ ਹਲੂਣਾ ਦੇਣ ਲਈ ਕਾਂਗਰਸ ਦੇ ਮੰਤਰੀਆਂ ਤੇ ਲੀਡਰਾਂ ਦੇ ਘਰਾਂ ਮੂਹਰੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਜਾਗੋ ਕੱਢ ਕੇ ਸ਼ਹਿਰ ‘ਚ ਰੋਸ ਮਾਰਚ ਕਰਦਿਆਂ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਜੇਕਰ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁੱਚਾ ਸਿੰਘ, ਨਰਿੰਦਰਪਾਲ, ਸੁਖਜਿੰਦਰ ਕੌਰ, ਜਸਪਾਲ ਕੌਰ ਤੇ ਸਿਮਰਨਜੀਤ ਕੌਰ ਆਦਿ ਮੌਜੂਦ ਸਨ।

About The Author

Journalist

Number of Entries : 3029

Leave a Comment

Close
Please support the site
By clicking any of these buttons you help our site to get better
Scroll to top