You Are Here: Home » KHANNA » ਲਾੜਾ ਘੋੜੀ ਚੜ੍ਹਨ ਤੋਂ ਪਹਿਲਾਂ ਪਿਤਾ ਸਣੇ ਪੁੱਜਾ ਜੇਲ

ਲਾੜਾ ਘੋੜੀ ਚੜ੍ਹਨ ਤੋਂ ਪਹਿਲਾਂ ਪਿਤਾ ਸਣੇ ਪੁੱਜਾ ਜੇਲ



ਦਾਜ ਖਾਤਿਰ ਬਰਾਤ ਲੈ ਕੇ ਆਉਣ ਤੋਂ ਕੀਤਾ ਇਨਕਾਰ
ਖੰਨਾ(ਸੁਨੀਲ)—ਖੰਨਾ ਸ਼ਹਿਰ ਦੇ ਵਸਨੀਕ ਇਕ ਨੌਜਵਾਨ ਨੂੰ ਘੋੜੀ ਚੜ੍ਹਣ ਤੋਂ ਪਹਿਲਾਂ ਹੀ ਆਪਣੇ ਪਿਤਾ ਸਣੇ ਜੇਲ ਦੀ ਯਾਤਰਾ ਕਰਨੀ ਪੈ ਗਈ। ਨੌਜਵਾਨ ਤੇ ਉਸਦੇ ਬਾਪ ਨੂੰ ਲੜਕੀ ਪੱਖ ਤੋਂ ਵਿਆਹ ਤੋਂ ਪਹਿਲਾਂ ਦਾਜ ਦੀ ਮੰਗ ਕਰਨ ਦੇ ਮਾਮਲੇ ‘ਚ ਹਰਿਆਣਾ ਪੁਲਸ ਵਲੋਂ ਗ੍ਰਿਫਤਾਰ ਕਰ ਕੇ ਲੈ ਜਾਣ ਦੀ ਜਾਣਕਾਰੀ ਮਿਲੀ ਹੈ।  ਪ੍ਰਾਪਤ ਜਾਣਕਾਰੀ ਮੁਤਾਬਕ ਖੰਨਾ ਵਾਸੀ ਵਰੁਣ ਦੀ ਮੰਗਣੀ ਹਰਿਆਣਾ ਵਾਸੀ ਸਿਮਰਨਪ੍ਰੀਤ ਨਾਲ ਅਕਤੂਬਰ 2017 ‘ਚ ਹੋਈ ਸੀ। ਦੋਵਾਂ ਦਾ ਵਿਆਹ 24 ਫਰਵਰੀ 2018 ਨੂੰ ਹੋਣਾ ਤੈਅ ਹੋਇਆ। ਲੜਕੀ ਪੱਖ ਦੇ ਸਾਰੇ ਰਿਸ਼ਤੇਦਾਰ ਵਿਆਹ ‘ਚ ਹਿੱਸਾ ਲੈਣ ਲਈ ਅੰਬਾਲਾ ਪਹੁੰਚ ਗਏ, ਉਥੇ ਇਕ ਹੋਟਲ ‘ਚ ਵਿਆਹ ਸਮਾਗਮ ਦੇ ਸਾਰੇ ਪ੍ਰਬੰਧ ਲੜਕੀ ਪੱਖ ਵਲੋਂ ਕੀਤੇ ਗਏ ਸਨ ਪਰ ਇਸੇ ਦੌਰਾਨ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ
ਬਰਾਤ ਲੈ ਕੇ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ।
‘ਧੀ ਦੇ ਹੱਥਾਂ ‘ਤੇ ਲੱਗ ਗਈ ਸੀ ਮਹਿੰਦੀ’
ਸਿਮਰਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਹੱਥਾਂ ‘ਤੇ ਮਹਿੰਦੀ ਲਗਾਉਣ ਦੀ ਰਸਮ ਨਿਭਾਈ ਜਾ ਚੁੱਕੀ ਸੀ। ਇਸ ਤੋਂ ਇਲਾਵਾ ਲਗਭਗ ਸਾਰੀਆਂ ਰਸਮਾਂ ਹੋ ਚੁੱਕੀਆਂ ਸਨ। ਵਿਆਹ ਲਈ ਕੁਝ ਘੰਟੇ ਬਚੇ ਸਨ ਪਰ ਇਸ ਦੌਰਾਨ ਲੜਕੇ ਵਾਲਿਆਂ ਨੇ ਬਰਾਤ ਲਿਆਉਣ ਤੋਂ ਮਨ੍ਹਾ ਕਰ ਦਿੱਤਾ। ਭਰੇ ਮਨ ਨਾਲ ਉਨ੍ਹਾਂ ਨੇ ਹਰਿਆਣਾ ਪੁਲਸ ਦੇ ਨਾਲ-ਨਾਲ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਦਹੇਜ ਲੋਭੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਜਾਣੀ ਚਾਹੀਦੀ ਤਾਂ ਕਿ ਭਵਿੱਖ ‘ਚ ਕੋਈ ਵੀ ਦਹੇਜ ਲੋਭੀ ਲੜਕੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਬੇਇੱਜ਼ਤ ਨਾ ਕਰ ਸਕੇ।
ਲਾੜੇ ਤੇ ਉਸਦੇ ਪਿਤਾ ‘ਤੇ ਦਰਜ ਹੋਇਆ ਮਾਮਲਾ
ਲੜਕੀ ਪੱਖ ਨੇ ਪਹਿਲਾਂ ਲੜਕੇ ਵਾਲਿਆਂ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਆਪਣੀ ਮੰਗ ‘ਤੇ ਅੜੇ ਰਹੇ ਤਾਂ ਸਾਰੇ ਮਾਮਲੇ ਦੀ ਸ਼ਿਕਾਇਤ ਹਰਿਆਣਾ ਪੁਲਸ ਨੂੰ ਕੀਤੀ ਗਈ। ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਐੱਸ. ਪੀ. ਅਭੀਸ਼ੇਕ ਜੋਰਵਾਲ ਨੇ ਮਹਿਲਾ ਡੀ. ਐੱਸ. ਪੀ. ਮਮਤਾ ਖਰਬ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ। ਡੀ. ਐੱਸ. ਪੀ. ਵਲੋਂ ਸ਼ਿਕਾਇਤ ਦੇ ਆਧਾਰ ‘ਤੇ  ਵਰੁਣ ਪੁੱਤਰ ਸੁਰੇਸ਼, ਸੁਰੇਸ਼ ਪੁੱਤਰ ਈਸ਼ਵਰ ਵਾਸੀ ਗੁਰੂ ਹਰਿਕ੍ਰਿਸ਼ਨ ਨਗਰ, ਮਾਲੇਰਕੋਟਲਾ ਰੋਡ ਖੰਨਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। 23 ਫਰਵਰੀ ਨੂੰ ਐੱਸ. ਐੱਚ. ਓ. ਸੁਨੀਤਾ ਰਾਣੀ ਦੀ ਅਗਵਾਈ ‘ਚ ਖੰਨਾ ਆਈ ਹਰਿਆਣਾ ਪੁਲਸ ਦੀ ਇਕ ਟੀਮ ਵਲੋਂ ਮਾਮਲੇ ‘ਚ ਨਾਮਜ਼ਦ ਲਾੜੇ ਤੇ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ।
ਪਿਤਾ ਨੇ ਆਟੋ ਵੇਚ ਕੇ ਕੀਤਾ ਸੀ ਰੁਪਇਆਂ ਦਾ ਪ੍ਰਬੰਧ
ਇਸ ਸੰਬੰਧ ‘ਚ ਹਰਿਆਣਾ ਪੁਲਸ ਨੂੰ ਲਾੜੀ ਸਿਮਰਨਪ੍ਰੀਤ ਨੇ ਇਕ ਸ਼ਿਕਾਇਤ ਕਰ ਦਿੱਤੀ। ਲੜਕੀ ਨੇ ਦੱਸਿਆ ਕਿ ਉਸਦੇ ਪਰਿਵਾਰ ਵਲੋਂ ਉਸਦਾ ਰਿਸ਼ਤਾ ਖੰਨਾ ਨਿਵਾਸੀ ਵਰੁਣ ਪੁੱਤਰ ਸੁਰੇਸ਼ ਕੁਮਾਰ ਵਾਸੀ ਗੁਰੂ ਹਰਿਕ੍ਰਿਸ਼ਨ ਨਗਰ, ਮਾਲੇਰਕੋਟਲਾ ਰੋਡ ਖੰਨਾ ਨਾਲ 24 ਫਰਵਰੀ 2018 ਨੂੰ ਹੋਣਾ ਤੈਅ ਹੋਇਆ ਸੀ। ਵਿਆਹ ਦੀਆਂ ਤਿਆਰੀਆਂ ਅਤੇ ਹੋਟਲ ਬੁਕਿੰਗ ਲਈ ਉਸਦੇ ਪਿਤਾ ਨੇ ਆਪਣਾ ਆਟੋ ਵੇਚ ਕੇ ਰੁਪਇਆਂ ਦਾ ਪ੍ਰਬੰਧ ਕੀਤਾ। ਜਦ ਉਨ੍ਹਾਂ ਦੇ ਰਿਸ਼ਤੇਦਾਰ ਵਿਆਹ ਲਈ ਅੰਬਾਲਾ ਪਹੁੰਚਣ ਲੱਗੇ। ਘਰ ‘ਚ ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਸੀ, ਇਸੇ ਦੌਰਾਨ ਲੜਕਾ ਪੱਖ ਦੇ ਲੋਕਾਂ ਵਲੋਂ ਉਸਦੇ ਪਿਤਾ ਨੂੰ ਫੋਨ ਕੀਤਾ ਗਿਆ ਕਿ ਉਹ ਡੇਢ ਲੱਖ ਰੁਪਏ ਦੀ ਨਕਦੀ ਅਤੇ ਇਕ ਮੋਟਰਸਾਈਕਲ ਦਾਜ ‘ਚ ਦੇਣ। ਨਾਲ ਹੀ ਮੰਗ ਪੂਰੀ ਨਾ ਹੋਣ ‘ਤੇ ਲੜਕੇ ਵਾਲਿਆਂ ਨੇ ਬਰਾਤ ਲੈ ਕੇ ਆਉਣ ਤੋਂ ਇਨਕਾਰ ਕਰ ਦਿੱਤਾ।
ਮਾਮਲੇ ਦੀ ਜਾਂਚ ਤੋਂ ਬਾਅਦ ਹੋਰ ਦੋਸ਼ੀਆਂ ‘ਤੇ ਵੀ ਹੋਵੇਗੀ ਕਾਰਵਾਈ : ਡੀ. ਐੱਸ. ਪੀ.
ਇਸ ਸਬੰਧ ‘ਚ ਡੀ. ਐੱਸ. ਪੀ. ਮਮਤਾ ਖਰਬ ਨਾਲ ਗੱਲਬਾਤ ਕੀਤੀ ਗਈ ਤਾਂ ਸਾਰੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਦਾਜ ਮੰਗਣ ਸੰਬੰਧੀ ਧਾਰਾ 3 ਤੇ 4 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਬਿਆਨਾਂ ਤੇ ਹੋਰ ਕਥਿਤ ਦੋਸ਼ੀਆਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਲੜਕੀ ਵਾਲਿਆਂ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਲੜਕੇ ਵਾਲਿਆਂ ਦੀ ਹਰ ਗੱਲ ਨੂੰ ਸਵੀਕਾਰਿਆ ਸੀ ਪਰ ਇਸ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ।
ਖੰਨਾ ‘ਚ ਹਰਿਆਣਾ ਪੁਲਸ ਕਾਰਵਾਈ ਦੀ ਥਾਣਾ ਸਿਟੀ ਦੇ ਮੁਖੀ ਵਲੋਂ ਪੁਸ਼ਟੀ
ਇਸ ਸਬੰਧੀ ਥਾਣਾ ਸੀ. ਟੀ. ਦੇ ਐੱਸ. ਐੱਚ. ਓ. ਰਜਨੀਸ਼ ਸੂਦ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਪੁਲਸ ਸ਼ੁਕਰਵਾਰ ਨੂੰ ਖੰਨਾ ਆਈ ਸੀ। ਉਨ੍ਹਾਂ ਨੇ ਸਾਰੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਵਲੋਂ ਮੈਟਰੀਮੋਨੀਅਲ ਡਿਸਪਿਊਟ ਸਬੰਧੀ ਖੰਨਾ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਹਰਿਆਣਾ ਪੁਲਸ ਆਪਣੇ ਨਾਲ ਲੈ ਗਈ ਹੈ।

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top