You Are Here: Home » Punjab » Amritsar » ਪੁੱਠਾ ਪਿਆ ਭਾਰਤੀ ਡਿਪਲੋਮੈਟਾਂ ‘ਤੇ ਗੁਰਦੁਆਰਿਆਂ ‘ਚ ਲਾਈ ਪਾਬੰਦੀ ਦਾ ‘ਦਾਅ’

ਪੁੱਠਾ ਪਿਆ ਭਾਰਤੀ ਡਿਪਲੋਮੈਟਾਂ ‘ਤੇ ਗੁਰਦੁਆਰਿਆਂ ‘ਚ ਲਾਈ ਪਾਬੰਦੀ ਦਾ ‘ਦਾਅ’ਲੰਡਨ/ਅੰਮ੍ਰਿਤਸਰ (ਏਜੰਸੀ)- ਸ਼ਰਨਬੋਰਕ ਸਿੱਖ ਕੌਂਸਲ ਦੇ ਮੈਂਬਰ ਨੇ ਗੁਰਦੁਆਰਿਆਂ ਵਿਚ ਭਾਰਤੀ ਡਿਪਲੋਮੈਟਾਂ ਉੱਤੇ ਲਗਾਈ ਪਾਬੰਦੀ ਦਾ ਖੁਲਾਸਾ ਕੀਤਾ ਹੈ। ਯੂ.ਕੇ. ਅਧਾਰਿਤ ਸਿੱਖ ਐਨ.ਜੀ.ਓ. ਦੀ ਹਮਾਇਤ ਵਾਲੇ 70 ਗੁਰਦੁਆਰਿਆਂ ਵਿਚ ਭਾਰਤੀ ਡਿਪਲੋਮੈਟਾਂ ਵਿਰੁੱਧ ਲਗਾਏ ਬੈਨ ਦੇ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲ੍ਹ ਗਈ, ਜਦੋਂ ਸ਼ਰਨਬਰੋਕ ਤੋਂ ਸਿੱਖ ਕੌਂਸਲਰ ਚਰਨ ਕਮਲ ਸੇਖੋਂ ਨੇ ਬੈਡਫੋਰਡ ਗੁਰਦੁਆਰਿਆਂ ਦੇ ਨਾਂ ਉੱਤੇ ਇਸ ਸਬੰਧੀ ਇਤਰਾਜ਼ ਜਤਾਇਆ।

ਸੇਖੋਂ ਨੇ ਕਿਹਾ ਕਿ ਉਹ ਬੈਡਫੋਰਡ ਦੇ ਗੁਰਦੁਆਰਿਆਂ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਬੈਡਫੋਰਡ ਦੇ ਕਿਸੇ ਗੁਰਦੁਆਰੇ ਵਲੋਂ ਇਸ ਤਰ੍ਹਾਂ ਦਾ ਕੋਈ ਬੈਨ ਨਹੀਂ ਲਗਾਇਆ ਗਿਆ ਹੈ। ਉਨ੍ਹਾਂ ਨੇ ਬਾਕੀ ਗੁਰਦੁਆਰਿਆਂ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਵਿਚ ਇਸ ਤਰ੍ਹਾਂ ਦਾ ਕੋਈ ਬੈਨ ਨਹੀਂ ਲਗਾਇਆ ਗਿਆ ਹੈ। ਉਨ੍ਹਾਂ ਗੁਰਦੁਆਰਾ ਕਮੇਟੀਆਂ ਵਿਚ ਇਸ ਸਬੰਧੀ ਕੋਈ ਵਿਚਾਰ ਵੀ ਨਹੀਂ ਕੀਤੀ ਗਈ।

ਸੇਖੋਂ ਨੇ ਦੱਸਿਆ ਕਿ ਕਿਸੇ ਵੀ ਗੁਰਦੁਆਰਾ ਕਮੇਟੀ ਜਾਂ ਬੈਡਫੋਰਡ ਦੇ ਕਿਸੇ ਵੀ ਗੁਰਦੁਆਰੇ ਵਿਚ ਭਾਰਤੀ ਡਿਪਲੋਮੈਟਾਂ ਉਪਰ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਅਸੀਂ ਇਸ ਮਸਲੇ ਸਬੰਧੀ ਸਥਾਨਕ ਐਮ.ਪੀ. ਮੁਹੰਮਦ ਯਾਸੀਨ ਅਤੇ ਹੋਰ ਮੈਂਬਰ ਆਫ ਪਾਰਲੀਮੈਂਟ ਤਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਨਾਲ ਗੱਲਬਾਤ ਕਰਾਂਗੇ। ਇਹ ਮਾਮਲਾ ਸਾਡੇ ਚੁਣੇ ਗਏ ਨੁਮਾਇੰਦਿਆਂ ਰਾਹੀਂ ਉਠਾਇਆ ਜਾਵੇਗਾ ਕਿਉਂਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ। ਸੇਖੋਂ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਸ਼ਹਿਰਾਂ ਦੀਆਂ ਗੁਰਦੁਆਰਾ ਕਮੇਟੀਆਂ ਨਾਲ (ਮਿਲਟਨ ਕੇਨੇਸ ਰਾਮਗੜੀਆ ਸੁਸਾਇਟੀ, ਨਾਰਥਹੈਂਪਟਨ ਰਾਮਗੜੀਆ ਸੁਸਾਇਟੀ, ਕੈਂਬ੍ਰਿਜ ਗੁਰਦੁਆਰਾ) ਫੋਨ ਉੱਤੇ ਗੱਲਬਾਤ ਕੀਤੀ। ਇਨ੍ਹਾਂ ਸਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ ਪਰ ਬੈਡਫੋਰਡ, ਨਾਰਥਹੈਂਪਟਨ, ਮਿਲਟਨ ਕੇਨੇਸ ਅਤੇ ਕੈਂਬ੍ਰਿਜ ਸਭ ਨੂੰ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ। ਬੀਤੀ 8 ਜਨਵਰੀ ਨੂੰ ਯੂ.ਕੇ. ਅਧਾਰਿਤ ਸਿੱਖ ਕੈਬਨਿਟ ਵਲੋਂ ਇਸ ਮਸਲੇ ਸਬੰਧੀ ਇਕ ਪ੍ਰੈਸ ਰਿਲੀਜ਼ ਕੀਤਾ ਗਿਆ ਸੀ, ਜਿਸ ਵਿਚ ਮੁਲਕ ਦੇ 70 ਗੁਰਦੁਆਰਿਆਂ ਵਲੋਂ ਭਾਰਤੀ ਡਿਪਲੋਮੈਟਾਂ ਵਿਰੁੱਧ ਪਾਬੰਦੀ ਲਗਾਈ ਗਈ ਸੀ। ਸੇਖੋਂ ਨੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਕਮਿਊਨਿਟੀ ਲੀਡਰ ਰਮਿੰਦਰ ਸਿੰਘ ਰੰਗਰ ਨੂੰ ਇਕ ਚਿੱਠੀ ਭੇਜ ਕੇ ਇਸ ਬੈਨ ਦੇ ਦਾਅਵੇ ਦੀ ਪੋਲ ਖੋਲ੍ਹੀ। ਪੱਤਰ ਵਿਚ ਲਿਖਿਆ ਹੈ ਕਿ ਸਿੱਖ ਗੁਰੂਆਂ ਅਤੇ ਉਹਨਾਂ ਦੇ ਅਨੁਯਾਈਆਂ ਨੇ ਮਿਸਾਲੀ ਜੀਵਨ ਜਿਊਂਦਿਆਂ ਭਾਰਤ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।
22 ਜਨਵਰੀ ਨੂੰ ਗੁਰੂ ਨਾਨਕ ਗੁਰਦੁਆਰਾ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਇਹ ਬਿਆਨ ਦਿੱਤਾ ਸੀ, ਪਰ ਉਨ੍ਹਾਂ ਨੇ ਨਾ ਤਾਂ ਜ਼ੁਬਾਨੀ ਅਤੇ ਨਾ ਹੀ ਲਿਖਤੀ ਰੂਪ ਵਿਚ ਭਾਰਤੀ ਡਿਪਲੋਮੈਟਾਂ ਵਿਰੁੱਧ ਬੈਨ ਲਗਾਇਆ ਹੈ।

ਗੁਰਦੁਆਰਿਆਂ ਵਿਚ ਡਿਪਲੋਮੈਟਾਂ ਉੱਤੇ ਪਾਬੰਦੀ ਦੇ ਵਿਰੋਧ ਵਿਚ ਸਿੱਖਾਂ ਦੇ ਵਿਚਾਰ
1- ਸਿੱਖਾਂ ਨੇ ਹਮੇਸ਼ਾ ਭਾਰਤੀ ਫੌਜ ਵਿਚ ਵੱਧ-ਚੜ੍ਹ ਕੇ ਮੋਰਚਾ ਸੰਭਾਲਿਆ ਹੈ ਅਤੇ ਭਾਰਤ ਦੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।
2- ਭਾਰਤੀ ਡਿਪਲੋਮੈਟਾਂ ਖਿਲਾਫ ਲਗਾਈ ਗੁਰਦੁਆਰਿਆਂ ਵਿਚ ਪਾਬੰਦੀ ਕਾਰਨ ਘੱਟ ਗਿਣਤੀ ਸਿੱਖਾਂ ਨੂੰ ਇਸ ਦਾ ਖਾਮਿਆਜਾ ਭੁਗਤਣਾ ਪੈ ਸਕਦਾ ਹੈ।
3 ਭਾਰਤ ਵਿਚ ਤਕਰੀਬਨ 90 ਫੀਸਦੀ ਸਿੱਖ ਰਹਿੰਦੇ ਹਨ, ਜਿਨ੍ਹਾਂ ਨੂੰ ਇਸ ਪਾਬੰਦੀ ਕਾਰਨ ਦੂਜੇ ਦਰਜੇ ਦਾ ਨਾਗਰਿਕ ਬਣਨ ਲਈ ਮਜਬੂਰ ਹੋਣਾ ਪਵੇਗਾ, ਜਦੋਂ ਸਾਡੇ ਗੁਰੂਆਂ ਨੇ ਸਿੱਖ ਨੂੰ ਸਭ ਤੋਂ ਉੱਤਮ ਦੱਸਿਆ ਹੈ।
4 ਬੈਨ ਲਗਾਉਣ ਕਾਰਨ ਭਾਰਤ ਤੋਂ ਬਾਹਰ ਰਹਿੰਦੇ ਸਿੱਖਾਂ ਨਾਲ ਵੀ ਭਾਰਤੀ ਅਧਿਕਾਰੀ ਉਸੇ ਤਰ੍ਹਾਂ ਦਾ ਵਰਤਾਓ ਕਰਨਗੇ।

ਬੈਨ ਦੇ ਹੱਕ ਵਿਚ ਐਨ.ਜੀ.ਓ. ਦੇ ਵਿਚਾਰ
1 ਯੂ.ਕੇ. ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਲਈ ਭਾਰਤੀ ਡਿਪਲੋਮੈਟਾਂ ਉੱਤੇ ਬੈਨ ਲਗਾਉਣਾ ਲਾਜ਼ਮੀ ਹੈ।
2 ਭਾਰਤੀ ਡਿਪਲੋਮੈਟਾਂ ਦੀਆਂ ਕਥਿਤ ਸਿੱਖ ਵਿਰੋਧੀ ਗਤੀਵਿਧੀਆਂ ਨੂੰ ਰੋਕਣਾ ਅਤੇ ਪਿਛਲੇ 30 ਸਾਲਾਂ ਤੋਂ ਬ੍ਰਿਟਿਸ਼ ਸਿੱਖਾਂ ਅਤੇ ਉਨ੍ਹਾਂ ਦੇ ਵਿੱਦਿਅਕ ਅਦਾਰਿਆਂ ਵਿਚ ਭਾਰਤੀ ਡਿਪਲੋਮੈਟਾਂ ਦੀ ਦਖਲਅੰਦਾਜ਼ੀ ਵੱਡਾ ਕਾਰਨ ਹੈ।
3 ਸਿੱਖ ਇਤਿਹਾਸ ਨੂੰ ਅਣਗੌਲਿਆਂ ਕਰਕੇ ਆਰ.ਐਸ.ਐਸ. ਅਤੇ ਹਿੰਦੁਤਵ ਨੂੰ ਬੜ੍ਹਾਵਾ ਦੇਣਾ ਵੀ ਇਕ ਬਹੁਤ ਵੱਡਾ ਕਾਰਨ ਹੈ।
4 1984 ਵਿਚ ਸਿੱਖਾਂ ਨਾਲ ਹੋਏ ਕਤਲੇਆਮ,
5 ਜਗਤਾਰ ਸਿੰਘ ਜੋਹਲ ਦੀ ਗ੍ਰਿਫਤਾਰੀ ਵੀ ਇਕ ਵੱਡਾ ਕਾਰਨ ਹੈ। 

 

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top