You Are Here: Home » jalandhar » ਬਜਟ ਸੈਸ਼ਨ ਤੋਂ ਪਹਿਲਾਂ 3 ਲੱਖ ਹੋਰ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ

ਬਜਟ ਸੈਸ਼ਨ ਤੋਂ ਪਹਿਲਾਂ 3 ਲੱਖ ਹੋਰ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ



ਜਲੰਧਰ — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮਾਰਚ ਦੇ ਪਹਿਲੇ ਹਫਤੇ ਬੁਲਾਇਆ ਜਾਏਗਾ ਤੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਉਸ ਤੋਂ ਪਹਿਲਾਂ 3 ਲੱਖ ਹੋਰ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਬਜਟ ਵਿਕਾਸਸ਼ੀਲ ਤੇ ਸੂਬੇ ਨੂੰ ਤਰੱਕੀ ਦੀ ਰਾਹ ‘ਤੇ ਤੋਰਨ ਵਾਲਾ ਹੋਵੇਗਾ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਵਲੋਂ ਖੇਤੀ ਖਪਤਕਾਰਾਂ ਲਈ ਸ਼ੁਰੂ ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ ਦੇ ਪਾਇਲਟ ਪ੍ਰਾਜੈਕਟ ਤੋਂ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ। ਬਿਜਲੀ ਖਪਤ ਲਈ ਕਿਸੇ ਵੀ ਕਿਸਾਨ ਤੋਂ ਬਿੱਲ ਨਹੀਂ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ ਨੂੰ ਲੈ ਕੇ ਆਪਣੇ ਸਿਆਸੀ ਲਾਭ ਲਈ ਕਿਸਾਨਾਂ ਨੂੰ ਗੁੰਮਰਾਹ ਕਰਨ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਐਡਵਾਂਸ ਵਿਚ ਪੈਸਾ ਪਾ ਦਿੱਤਾ ਜਾਵੇਗਾ, ਜਿਸ ਨਾਲ ਉਹ ਆਪਣੇ ਬਿੱਲਾਂ ਦਾ ਭੁਗਤਾਨ ਕਰਨਗੇ। ਇਸਦਾ ਉਦੇਸ਼ ਇਹ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਤੇ ਉਸਦੀ ਦੁਰਵਰਤੋਂ ਰੋਕਣੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਜਿੰਨੀ ਵੀ ਬਿਜਲੀ ਦੀ ਵਰਤੋਂ ਘੱਟ ਕਰਨਗੇ, ਉਸ ਨਾਲ ਜਿੰਨੇ ਪੈਸੇ ਦੀ ਬਚਤ ਹੋਵੇਗੀ, ਉਹ ਕਿਸਾਨਾਂ ਦੀ ਜੇਬ ਵਿਚ ਜਾਏਗੀ। ਇਸ ਨਾਲ ਕਿਸਾਨ ਉਤਸ਼ਾਹਿਤ ਹੋਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚ ਪਾਣੀ ਦਾ ਸੰਕਟ ਗੰਭੀਰ ਰੂਪ ਧਾਰਨ ਕਰ ਲਵੇਗਾ। ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ ਸਰਕਾਰ ਤੇ ਕਿਸਾਨਾਂ ਦੋਵਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਕੀਮ ਦੇ ਤਹਿਤ ਜੇਕਰ ਕਿਸਾਨ ਸਾਲ ਵਿਚ 50 ਹਜ਼ਾਰ ਰੁਪਏ ਦੀ ਬਿਜਲੀ ਦੀ ਖਪਤ ਕਰਦਾ ਹੈ ਤਾਂ ਇਹ ਰਾਸ਼ੀ ਸਿੱਧਾ ਉਸਦੇ ਬੈਂਕ ਖਾਤੇ ਵਿਚ ਪਾਈ ਜਾਵੇਗੀ। ਜੇਕਰ ਕਿਸਾਨ ਇਸ ਰਾਸ਼ੀ ਵਿਚੋਂ ਕੁਝ ਬਚਾਅ ਲੈਂਦਾ ਹੈ ਤਾਂ ਉਸਦਾ ਲਾਭ ਕਿਸਾਨ ਨੂੰ ਹੀ ਮਿਲੇਗਾ। ਇਸ ਸਕੀਮ ਦੇ ਪਿੱਛੇ ਸਾਡਾ ਮਕਸਦ ਬਿਜਲੀ ਦੀ ਬਚਤ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਕਿਸਾਨਾਂ ‘ਤੇ ਜਬਰੀ ਲਾਗੂ ਨਹੀਂ ਕੀਤੀ ਜਾ ਰਹੀ। ਇਸਨੂੰ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲਿਆਂ ਵਿਚ ਲਾਗੂ ਕੀਤਾ ਗਿਆ ਹੈ। ਇਸਦੇ ਲਾਭ ਮਿਲਣ ‘ਤੇ ਕਿਸਾਨ ਸਵੈ-ਇੱਛਾ ਨਾਲ ਇਸਨੂੰ ਅਪਣਾ ਸਕਣਗੇ।

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top